ਸਿੱਖ ਪੰਥ ਦੀ ਅਜ਼ਾਦ ਵਿਚਾਰਧਾਰਾ ਤੋਂ ਚਿੜ ਕੇ ਜਿੱਥੇ ਕਈ ਤਰਾਂ ਦੇ ਦੁਸ਼ਟ ਸਿੱਖਾਂ ਸਿਰ ਨਵੀਆਂ ਭਾਜੀਆਂ ਚਾੜਦੇ ਰਹੇ, ਤਾਂ ਦੂਜੇ ਪਾਸੇ ਇਹ ਭਾਜੀਆਂ ਮੋੜਨ ਲਈ ਗੁਰੂ ਕੇ ਲਾਲ ਸਿੰਘ ਸੂਰਮੇ ਵੀ ਅਜਿਹੇ ਕਈ ਦੁਸ਼ਟਾਂ ਨੂੰ ਉਹਨਾਂ ਦੇ ਸੁਰੱਖਿਅਤ ਕਿਲਿਆਂ ਚ ਜਾ ਕੇ ਧੁਰ ਦੀ ਗੱਡੀ ਚਾੜਦੇ ਰਹੇ। ਇਤਿਹਾਸ ਵਿੱਚ ਅਜਿਹੇ ਮਹਾਨ ਸੂਰਮਿਆਂ ਦੀ ਕਤਾਰ ਬਹੁਤ ਲੰਮੀ ਹੈ। ਇਹਨਾਂ ਸ਼ਹੀਦਾਂ ਦੀ ਕਤਾਰ ਵਿੱਚ ਹੀ ਸ਼ਹੀਦ ਭਾਈ ਅਜੈਬ ਸਿੰਘ ‘ਮਹਾਂ ਕਾਲ’ ਦਾ ਨਾਂ ਵੀ ਹੈ, ਜਿਸ ਬਾਰੇ ਆਮ ਸਿੱਖ ਸੰਗਤਾਂ ਨੂੰ ਬਹੁਤਾ ਪਤਾ ਹੀ ਨਹੀਂ। ਭਾਈ ਅਜੈਬ ਸਿੰਘ ਦੇ ਪਿਤਾ ਦਾ ਨਾਂ ਸ. ਗੁਰਦੀਪ ਸਿੰਘ ਅਤੇ ਮਾਤਾ ਜੀ ਦਾ ਨਾਂ ਬੀਬੀ ਗੁਰਬਚਨ ਕੌਰ ਸੀ। ਇਹਨਾਂ ਦਾ ਜਨਮ ਪਿੰਡ ਪੱਖੋਪੁਰ ਨੇੜੇ ਚੋਹਲਾ ਸਾਹਿਬ (ਅੰਮ੍ਰਿਤਸਰ) ਵਿੱਚ ਹੋਇਆ। ਆਪ ਸੱਤ ਭੈਣ-ਭਰਾਵਾਂ ਚੋ ਸਭ ਤੋਂ ਵੱਡੇ ਸਨ। ਆਪ ਦੇ ਬਾਕੀ ਭੈਣ-ਭਰਾਵਾਂ ਦਾ ਵੇਰਵਾ ਇਸ ਤਰਾਂ ਹੈ-ਕਸ਼ਮੀਰ ਕੌਰ, ਕਰਨੈਲ ਕੌਰ, ਦਲਬੀਰ ਸਿੰਘ, ਸਿਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਨਰਿੰਦਰ ਕੌਰ।
‘ਉਹ ਸਿੰਘ ਅੱਜ ਇੱਥੇ ਈ ਆ, ਸਟੇਜ ਤੇ ਆਇਆ ਕਿ ਨੀਂ ਸਿੰਘ ਉਹ? ਕਿਉਂ ਭਈ ਸਟੇਜ ਤੇ ਆਇਆ ਕਿ ਨੀਂ ਲਹਿਰ ਸਿੰਘ? ਉਹ ਸਿੰਘ ਇੱਥੇ ਨਾਨਕ ਨਿਵਾਸ ਵਿੱਚ ਦਾਸ ਦੇ ਕੋਲ ਆ ਅੱਜ। ਲਹਿਰ ਸਿੰਘ ਉਹਦਾ ਨਾਂਅ ਵਾ, ਜੱਟਾਂ ਵਾਲੀ ਪਿੰਡ ਉਰਫ ਰਾਮ ਨਗਰ, ਫਾਜ਼ਲਕਿਆਂ ਤੋਂ 4 ਕਿੱਲੋਮੀਟਰ ਦੀ ਦੂਰੀ ਤੇ ਐ। ਬਿੱਛੂ ਰਾਮ, ਨਾਂਅ ਈ ਪਹਿਲੀ ਵੇਰ ਸੁਯਿਐ, ਅੱਗੇ ਤੇ ਕਦੇ ਸੁਣਿਆ ਨੀਂ ਸੀ। ਬਿੱਛੂ ਰਾਮ ਥਾਣੇਦਾਰ ਆ ਕੋਈ ਓਥੋਂ ਸਦਰ ਦਾ। ਉਹਨੇ ਉਸ ਸਿੰਘ ਨੂੰ ਪਕੜਿਆ ਉਹਦਾ ਗ਼ੁਨਾਹ ਕੀ ਸੀ?..ਕਿ ਰਾਹ ਰੋਕੂ ਮੋਰਚੇ ਦੇ ਵਿੱਚ ੪ ਤਰੀਕ ਨੂੰ ਉਹਨੇ ਆਪਣੀਆਂ ੫ ਬੱਚੀਆਂ, ਇੱਕ ਘਰ ਵਾਲੀ ਤੇ ਆਪਣੇ ਸੱਤਾਂ ਜੀਆਂ ਦੇ ਸਮੇਤ, ਸੜਕ ਦੇ ਉੱਪਰ ਛਤੀਰੀਆਂ ਰੱਖ ਕੇ, ਛਤੀਰੀਆਂ ਸੀ ਉਹਦੇ ਕੋਲ, ਘਰ ਵਿੱਚ, ਉਹ ਲਿਆ ਕੇ ਸੜਕ ਤੇ ਰੱਖ ਦਿੱਤੀਆਂ ਉੱਪਰ ਆਪ ਬੈਠ ਗਏ, ਬਾਣੀ ਪੜਨੀ ਸ਼ੁਰੂ ਕਰ ਦਿੱਤੀ। ਢਾਈ ਘੰਟੇ ਇੱਕਲੇ ਨੇ ਟ੍ਰੈਫ਼ਿਕ ਜਾਮ ਰੱਖੀ ਆ, ਇੱਕਲੇ ਨੇ ਆਪਣੇ ਪਰਿਵਾਰ ਸਮੇਤ, ਹੋਰ ਕੋਈ ਵੀ ਸਿੰਘ ਨਾਲ ਨਹੀ ਸੀ ਲਿਆ, ਥਾਣੇ ਲਿਜਾ ਕੇ ਕੁੱਟਿਆ। ਉਹ ਪੁੱਛਦਾ ਕੁੱਟਦਾ ਕਿਉਂ ਆਂ? ਕਹਿਣ ਲੱਗਾ – ਤੂੰ ਅੰਮ੍ਰਿਤ ਕਿੱਥੋਂ ਛਕਿਆ? ਉਹਨੇ ਕਹਿ ਦਿੱਤਾ-ਭਿੰਡਰਾਂਵਾਲਿਆਂ ਕੋਲੋਂ। ਕਹਿੰਦਾ ਫਿਰ ਆ ਜਾਹ ਤਾਹੀਏਂ ਤਾਂ ਪੁੱਛਿਆ। ਕੁੱਟ-ਕੁੱਟ ਕੇ ਉਹਦੀ ਸੱਜੀ ਲੱਤ ਜਿਹੜੀ ਬਹੁਤ ਮੋਟੀ ਕੀਤੀ ਸੁਜਾ ਦਿੱਤੀ। ਉਹਦੀ ਖਾਲਸਾ ਜੀ! ਦਾੜੀ ਮੁੰਨ ਦਿੱਤੀ। ਦਾੜੀ ਮੁੰਨ ਕੇ ਤੇ ਮੇਰੇ ਕੋਲ ਭੇਜ ਦਿੱਤਾ ਤੇ ਨਾਲ ਇਹ ਕਹਿ ਦਿੱਤਾ ਕਿ ਜਾਹ ਜਾ ਕੇ ਭਿੰਡਰਾਂਵਾਲੇ ਨੂੰ ਕਹਿ ਦੇ, ਜਿਹੜਾ ਕੁਝ ਕਰਨਾ ਕਰ ਲਏ। ਇਹ ਪਤਾ ਭਈ ਦਾੜੀ ਕੱਟੀ ਕਿਹੜੀ ਗੱਲੋਂ ਆਂ? ਇਹ ਮੈਂ ਦੱਸਣਾ ਚਾਹਾਂਗਾ, ਪੁਲੀਸ ਵਾਲ਼ਿਓ ਤੇ ਸੀ.ਆਈ.ਡੀ. ਵਾਲਿਓ ਤੇ ਗੁਰੂ ਦੀ ਸੰਗਤ ਨੂੰ ਬੇਨਤੀ ਕਰਾਂਗਾ। ਸਿੰਘੋ ਦਾੜੀ ਕੱਟੀ ਅੰਮ੍ਰਿਤਧਾਰੀ ਸਿੰਘ ਦੀ ਤੇ ਕੱਟੀ ਆ ਕੇਵਲ ਇਸ ਕਰਕੇ ਕਿ ਤੂੰ ਅੰਮ੍ਰਿਤ ਭਿੰਡਰਾਂਵਾਲਿਆਂ ਤੋਂ ਛਕਿਐ। ਕਾਂਡ ਕਿਤੇ ਕੋਈ ਹੋ ਜਾਂਦਾ, ਮਗਰੋਂ ਕਹਿੰਦੇ ਜੀ ਭਿੰਡਰਾਂਵੇਲੇ ਨੇ ਕਰ ਤਾਂ। ਜਿਹਨੂੰ ਘਰੋਂ ਫੜ ਲੈਂਦੇ ਉਹਦੀ ਛਿੱਲ ਲਾਹ ਦਿੰਦੇ ਕੁੱਟ-ਕੁੱਟ ਕੇ, ਉਹਨੂੰ ਪੁੱਠਾ ਲਟਕਾ ਦਿੰਨੇ ਆਂ..ਤੇ ਸਿੰਘਾਂ ਦੀਆਂ ਦਾੜੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਜਾਂ ਤਾਂ ਕੁੱਟਣ ਵੇਲੇ ਵੀ ਪੁੱਛ ਲਿਆ ਕਰੋ ਬੰਦਾ ਸਹਿਮਤ ਜਾਂ ਨਈ। ਦਾੜੀ ਮੁੰਨ ਕੇ ਮੇਰੇ ਕੋਲ ਭੇਜਿਆ ਤੇ ਨਾਲ ਬੜਕ ਮਾਰੀ ਆ ਭਿੰਡਰਾਂਵਾਲੇ ਨੂੰ ਕਹਿ ਦੇ ਜਾ ਕੇ ਜਿਹੜਾ ਕੁਝ ਕਰਨਾ ਈ ਕਰ ਲੈ। ਮੈਂ ਤਾਂ ਹੁਣ ਚੁੱਪ ਆਂ, ਕਰਨਾ ਮੈਂ ਏਥੇ ਕੀ ਆ? ਪਰ ਜੇ ਕੁਝ ਹੋ ਜਾਵੇ ਤੇ ਮੁੜ ਕੇ ਕਹਿੰਦੇ ਜੀ 506 ਦਫ਼ਾ ਦੇ ਅਧੀਨ, ਇਹਦੇ ਤੇ ਕੇਸ ਦਰਜ ਕਰ ਲਉ ਕਿਉਂਕਿ ਇਹਨੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਨਾਂਅ ਰਲੀਜ਼ ਕਰ ਦਿੱਤੇ। ਕਹਿ ਦਿੱਤਾ ਫਲਾਣੇ-ਫਲਾਣੇ ਨੇ ਪਾਪ ਕੀਤਾ। ਓ ਜਿਹੜੇ ਬੰਦੇ ਨੇ ਅੰਮ੍ਰਿਤਧਾਰੀ ਸਿੰਘ ਦੀ ਦਾੜੀ ਕੱਟੀ ਆ, ਉਹਨੂੰ ਮੁਆਫ਼ ਕਰਨਾ, ਏਦੋਂ ਵੱਡੀ ਬੇਫ਼ਕੂਫੀ ਕੀ ਹੋ ਸਕਦੀ ਆ? ਕਿੱਡਾ ਵੱਡਾ ਪਾਪ ਕਿਸੇ ਨੇ ਕੀਤਾ, ਉਸ ਪਾਪ ਦਾ ਜ਼ਿੰਮੇਵਾਰ ਕੌਣ ਹੋਵੇਗਾ? ਉਹਨਾ ਗ਼ੁਨਾਹ..? ਕਿੰਨੀ ਦੁਨੀਆਂ ਨੇ ਮੋਰਚੇ ਚ ਹਿੱਸਾ ਲਿਆ। ਕਿੰਨੀਆਂ ਸੰਗਤਾਂ ਨੇ ਸ਼ਾਂਤਮਈ ਗੋਗ਼ੀਆਂ ਖਾਧੀਆਂ, ਉਹਦੇ ਵੀ ਇੱਕ ਅੱਧੀ ਲੰਘਾ ਦਿੰਦੇ;ਅਸੀਂ ਸ਼ਰਧਾਂਜ਼ਲੀ ਉਹਨੂੰ ਵੀ ਦੇ ਦਿੰਦੇ। ਆਹ ਅਖੰਡ ਪਾਠ ਜਿੱਥੇ ਇੱਕੀਆਂ ਦਾ ਕੀਤਾ, ਬਾਹੀਆਂ ਦਾ ਕਰ ਲੈਂਦੇ, ਪਰ ਦਾੜੀ ਕੱਟ ਕੇ ਤੇ ਫਿਰ ਇਹ ਕਹਿਣਾ ਜਾਹ ਕੇ ਤੇ ਭਿੰਡਰਾਂਵਾਲੇ ਨੂੰ ਕਹਿ ਦੇ, ਮੇਰੇ ਕੋਲ ਤੇ ਸੁਨੇਹਾ ਪੁੱਜ ਗਿਆ ਤੇ ਸਤਿਗੁਰੂ ਕਿਰਪਾ ਕਰਨ, ਮੈਂ ਤਾਂ ਅਜੇ ਕੋਈ ਐਲਾਨ ਵੀ ਨੀਂ ਕੀਤਾ, ਨਾਂਅ ਵੀ ਨੀਂ ਲਿਆ, ਚੁੱਪ ਬੈਠਾਂ ਤੇ ਵਿਚੋਲੋ ਪਹਿਲਾਂ ਹੀ ਭੇਜਣੇ ਸ਼ੁਰੂ ਕਰ ਦਿੱਤੇ ਆਂ। ਤਿੰਨ ਵੇਰਾਂ ਤੇ ਆ ਚੁੱਕੇ ਆ ਕੱਲ ਦੇ,’ਜੀ ਸੰਤਾਂ ਨੂੰ ਕਹੋ, ਮੈਥੋਂ ਗ਼ਲਤੀ ਹੋ ਗਈ, ਮੈਂ ਕਹਿ ਤਾਂ ਬੈਠਾਂ, ਅੱਗੇ ਵਾਸਤੇ ਕੁਝ ਨੀ ਕਰਦਾ।’ ਓ ਭਲਿਆ ਮਾਣਸਾ ਮੈਂ ਤੇ ਕਿਹਾ ਹੀ ਕੁਝ ਨੀਂ, ਨਾ ਮੈਂ ਮੂੰਹੋਂ ਬੋਲਿਆ, ਨਾ ਮੈਂ ਹੁਣ ਹੀ ਬੋਲਦਾਂ। ਓ ਪਹਿਲਾਂ ਹੱਥ ਸਿਰੇ ‘ਤੇ ਪਾ ਲੈਂਨੇ ਆਂ, ਪਿੱਛੋਂ ਥਿੜਕੀ ਜਾਨੇ ਆਂ। ਜਿਵੇਂ ਬੱਕਰੀ ਪਾਲੇ ਨਾਲ ਕੰਬਦੀ ਆ, ਇਸ ਤਰਾਂ ਕਰਨ ਲੱਗ ਪੈਨੇ ਆਂ, ਪਹਿਲਾਂ ਈ ਕੁਝ ਸੋਚ ਕੇ ਹੱਥ ਪਾਇਆ ਕਰੋ। ਸੋ ਖਾਲਸਾ ਜੀ ਜਿਹੜੇ ਇਹੋ ਜਿਹੇ ਲੋਕ ਆ, ਮੈਂ ਆਹਨਾਂ ਭਈ ਸਾਰੇ ਸਿੱਖ ਵੀ ਮਰ ਜਾਈਏ, ਸ਼ਾਇਦ ਕੋਈ ਨੁਕਸਾਨ ਨਈਂ ਹੋਵੇਗਾ ਪਰ ਸਿੱਖ ਦੀ ਦਾੜੀ ਮੁਨਾ ਕੇ ਤੇ ਤਾਹਨਾ ਮਰਵਾ ਕੇ ਕੋਲ ਬਿਠਾ ਕੇ ਬੈਠੇ ਰਹਿਣਾ, ਮੈਂਸਮਝਨੈਂ ਏਦੋਂ ਵੱਡੀ ਬੁਜ਼ਦਿਲੀ ਤੇ ਕਾਇਰਤਾ ਆਪਣੇ ਵਾਸਤੇ ਹੋਰ ਕੋਈ ਨੀਂ। ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ।’
ਸੰਤ ਜਰਨੈਲ ਸਿੰਘ ਜੀ ਤੋਂ ਇਹ ਹਿਰਦੇਵੇਦਕ ਘਟਨਾ ਸੁਣ ਕੇ ਭਾਈ ਅਜੈਬ ਸਿੰਘ ਮਹਾਂਕਾਲ, ਭਾਈ ਜਰਨੈਲ ਸਿੰਘ ਬਹੂ ਤੇ ਭਾਈ ਰਸਾਲ ਸਿੰਘ ਆਰਿਫਕੇ ਤਿੰਨੇ ਹੀ ਸਿੰਘ ਬਿੱਛੂ ਰਾਮ ਦੀ ਸੁਧਾਈ ਲਈ ਨਿਕਲ ਤੁਰੇ, ਦਿਨ ਬੀਤਣ ਲੱਗੇ ਤੇ ਇਸ ਤਰਾਂ ਇੱਕ-ਇੱਕ ਦਿਨ ਕਰ ਕੇ ਸਾਢੇ ਸੱਤ ਮਹੀਨੇ ਲੰਘ ਗਏ। ਨਾਲ ਦੇ ਸਿੰਘਾਂ ਨੂੰ ਖ਼ਦਸ਼ਾ ਹੋਣ ਲੱਗਾ ਕਿ ਇਹ ਤਿੰਨੇ ਸਿੰਘ ਕਿਤੇ ਪੁਲੀਸ ਦੇ ਕਾਬੂ ਨਾ ਆ ਗਏ ਹੋਣ? ਪਰ ਮਿਤੀ 18 ਦਸੰਬਰ 1983 ਨੂੰ ਰੇਡੀਓ ਵਿੱਚ ਇੱਕ ਖ਼ਬਰ ਆਈ। ਖ਼ਬਰ ਸੀ: ਗੁਰੂ ਹਰਸਹਾਏ ਦੇ ਇੱਕ ਥਾਣੇਦਾਰ ਬਿੱਛੂ ਰਾਮ ਨੂੰ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਕਾਤਲ ਫ਼ਰਾਰ ਹੋ ਗਏ ਹਨ। ਕਾਤਲਾਂ ਨੂੰ ਫੜਨ ਲਈ ਪੰਜਾਬ ਭਰ ਚ ਪੁਲੀਸ ਨੂੰ ਚੌਕਸ ਕਰ ਦਿੱਤਾ ਗਿਆ ਹੈ..।’ ਪਰ ਇਸ ਖ਼ਬਰ ਤੋਂ ਥੋੜੇ ਸਮੇਂ ਬਾਅਦ ਹੀ ਇਹ ਤਿੰਨੇ ਸਿੰਘ ਦੁਸ਼ਮਣ ਦੀਆਂ ਅੱਖਾਂ ਚ ਘੱਟਾ ਪਾਉਂਦੇ ਹੋਏ ਸੰਤ ਜਰਨੈਲ ਸਿੰਘ ਜੀ ਕੋਲ ਆ ਪਹੁੰਚੇ। ਸਿੰਘਾਂ ਦੇ ਇਸ ਅਹਿਮ ਕਾਰਨਾਮੇ ਦੀਆਂ ਵਾਰਾਂ ਵੀ ਬਣੀਆਂ, ਜਿਨਾਂ ਵਿੱਚੋਂ ਕੁਝ ਕੁ ਵਾਰਾਂ ਦੀਆਂ ਕਈ ਸਿੰਘਾਂ ਨੂੰ ਅਜੇ ਵੀ ਮੁੱਖ ਲਾਈਨਾਂ ਯਾਦ ਹਨ:
ਖੜਾ ਦਾਣਾ ਮੰਡੀ ਵਿੱਚ ਬਿੱਛੂ
ਸਿੰਘ ਵੇਖ ਪੈ ਗਏ ਪਿੱਸੂ
ਉਹਨਾਂ ਕਰ ਤੀ ਡਿੱਸੂ ਡਿੱਸੂ
ਗੁਰੂ ਹਰ ਸਹਾਏ
ਬਿੱਛੂ ਦੇ ਸੱਪ ਲੜ ਗਿਆ
ਬਿੱਛੂ ਦਾ ਚੰਦ ਚੜ ਗਿਆ
ਬਿੱਛੂ ਰਾਮ ਦਾ ਕੱਛੂ ਬਣਾ ਤਾ ਸਿੰਘ ਸਰਦਾਰਾਂ ਨੇ..
ਬਿੱਛੂ ਰਾਮ ਦੇ ਸਿਰ ਵਿੱਚ ਪਹਿਲੀ ਗੋਲੀ ਮਾਰਨ ਵਾਲਾ ਨਿਸ਼ਾਨਚੀ ਸਿੰਘ ਅਜੈਬ ਸਿੰਘ ਮਹਾਂਕਾਲ ਹੀ ਸੀ। ਇਹ ਪਹਿਲੀ ਗੋਲੀ ਉਸ ਨੇ ਦੂਰੋਂ ਹੀ ਬਿੱਛੂ ਰਾਮ ਦੇ ਸਿਰ ਦਾ ਨਿਸ਼ਾਨਾ ਬਣਾ ਕੇ ਉਸ 303 ਬੋਰ ਦੀ ਕੱਟੀ ਹੋਈ ਰਾਈਫ਼ਲ ਨਾਲ ਮਾਰੀ ਸੀ, ਜੋ ਉਸ ਨੇ ਫੱਤੂ ਢੀਂਗੇ ਥਾਣੇ ਚੋਂ ਲੁੱਟੀ ਸੀ। ਇਸ ਪਹਿਲੀ ਗੋਲੀ ਬਿੱਛੂ ਰਾਮ ਪਲਟੀ ਖਾ ਕੇ ਡਿੱਗਾ। ਫਿਰ ਭਾਈ ਰਸਾਲ ਸਿੰਘ ਨੇ ਨੇੜੇ ਜਾ ਕੇ ਆਪਣੀ ਕਾਰਬਾਈਨ ਨਾਲ ਉਸ ਨੂੰ ਛਲਣੀ ਕਰ ਸੁੱਟਿਆ। ਜਰਨੈਲ ਸਿੰਘ ਬੂਹ ਨੇ ਮੋਟਰ ਸਾਈਕਲ ਤਿਆਰ ਰੱਖਿਆ ਸੀ, ਦੁਸ਼ਟ ਦੀ ਸੁਧਾਈ ਪਿੱਛੋਂ ਸਿੰਘ ਜੈਕਾਰੇ ਛੱਡਦੇ ਹੋਏ ਹਰਨ ਹੋ ਗਏ। ਇਸ ਤੋਂ ਬਾਅਦ ਭਾਈ ਅਜੈਬ ਸਿੰਘ ਮਹਾਂਕਾਲ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਕਈ ਪੁਲੀਸ ਵਾਲਿਆ ਨੂੰ ਇਹ ਭਰਮ ਵੀ ਹੋ ਗਿਆ ਕਿ ਸ਼ਾਇਦ ਵਧੇਰੇ ਦੁਸ਼ਟ ਸੋਧਣ ਕਰ ਕੇ ਹੀ ਅਜੈਬ ਸਿੰਘ ਨੂੰ ‘ਮਹਾਂਕਾਲ’ ਕਿਹਾ ਜਾਂਦਾ ਹੈ। ਜਦੋਂ ਜੂਨ 1984 ਚ ਹਿੰਦੋਸਤਾਨੀ ਹਕੂਮਤ ਨੇ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕੀਤਾ ਤਾਂ ਭਾਈ ਅਜੈਬ ਸਿੰਘ ਮਹਾਂਕਾਲ ਦੀ ਡਿਊਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਇੱਕ ਮੋਰਚੇ ਵਿੱਚ ਸੀ। ਇਹਨਾਂ ਦੇ ਨਾਲ ਸਨ – ਭਾਈ ਧੀਰਾ ਸਿੰਘ ਮਹਾਂਕਾਲ, ਭਾਈ ਜਰਨੈਲ ਸਿੰਘ ਬੂਹ, ਭਾਈ ਸੁਖਦੇਵ ਸਿੰਘ ਭੱਠਲ ਭਾਈ ਕੇ, ਭਾਈ ਜਸਵਿੰਦਰ ਸਿੰਘ। ਇਹਨਾਂ ਦੇ ਕੋਲ ੩ ਐਲ.ਐਮ.ਜੀ.ਸਨ। ਇਹ ਸਾਰੇ ਸਿੰਘ ਵੀ ਦੁਸ਼ਮਣ ਦੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਧਰੇ ਗਏ ਨਾਪਾਕ ਪੈਰ ਤੋੜਨ ਲਈ ਪੂਰੀ ਜਾਂਬਾਜ਼ੀ ਨਾਲ ਜੂਝੇ ਤੇ ਜੂਝਦੇ ਹੋਏ ਭਾਈ ਜਰਨੈਲ ਸਿੰਘ ਬੂਹ ਤੋਂ ਬਿਨਾਂ ਸਾਰੇ ਹੀ ਸ਼ਹੀਦ ਹੋ ਗਏ। ਭਾਈ ਜਰਨੈਲ ਸਿੰਘ ਬੂਹ ਜ਼ਖ਼ਮੀ ਹੋਣ ਪਿੱਛੋਂ ਫ਼ੌਜ ਦੇ ਕਾਬੂ ਆ ਗਰੇ। 4 ਸਾਲ ਜੋਧਪੁਰ ਜੇਲ ਵਿੱਚ ਰਹੇ, ਆ ਕੇ ਫਿਰ ਰੂਪੋਸ਼ ਹੋ ਗਏ ਤੇ ਲੰਮਾ ਸੰਘਰਸ਼ ਲੜ ਕੇ ਸ਼ਹੀਦ ਹੋਏ। ਭਾਈ ਅਜੈਬ ਸਿੰਘ ਮਹਾਂਕਾਲ ਬੇਮਿਸਾਲੀ ਬਹਾਦਰੀ ਨਾਲ ਲੜਦੇ ਹੋਏ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀ ਗਏ।
You must log in to post a comment.